ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ

ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ
-ਕਿਸਾਨਾਂ ਦੇ ਹੱਕਾਂ ਦੀ ਲੜਾਈ ਹਰ ਦਮ ਤੱਕ ਲੜਾਂਗਾ
ਅਕਾਲੀ ਦਲ ਦੇ ਉਮੀਦਵਾਰ ਨੇ ਪਟਿਆਲਾ ਦਿਹਾਤੀ ਹਲਕੇ ਵਿੱਚ ਕੀਤਾ ਚੋਣ ਪ੍ਰਚਾਰ
ਪਟਿਆਲਾ। ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਸਿਹਤ ਸਹੂਲਤਾਂ ਦੇ ਮੁੱਦੇ ‘ਤੇ ਘੇਰਦਿਆਂ ਕਿਹਾ ਹੈ ਕਿ ਸੂਬੇ ਦੇ ਮਾਮਲੇ ‘ਚ ਦਾਅਵੇ ਕਰਨ ਤੋਂ ਪਹਿਲਾਂ ਸਿਹਤ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਪਟਿਆਲਾ ਦਿਹਾਤੀ ਦੀਆਂ ਸਿਹਤ ਸੇਵਾਵਾਂ ਵੱਲ ਧਿਆਨ ਦੇਣ, ਉਨ੍ਹਾਂ ਦੇ ਹਲਕੇ ’ਚ ਦਮ ਤੋੜਦੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ।
ਐਨ.ਕੇ. ਸ਼ਰਮਾ ਚੋਣ ਪ੍ਰਚਾਰ ਮੁਹਿੰਮ ਤਹਿਤ ਪਟਿਆਲਾ ਦਿਹਾਤੀ ਖੇਤਰ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ‘ਚ ਪਿੰਡ ਮੰਡੌੜ, ਘਮਰੌਦਾ, ਰੋਹਟੀ ਮੋੜਾ, ਹਿਆਣਾ ਖੁਰਦ, ਖਟੜਾ ਪੈਲੇਸ, ਕਸੂਹਾ ਕਲਾਂ, ਆਲੋਵਾਲ ਆਦਿ ਵਿੱਚ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਵਿੱਚ ਹੀ ਨਹੀਂ ਸਗੋਂ ਪੂਰੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਅੱਜ ਸਿਹਤ ਸਹੂਲਤਾਂ ਦਾ ਜਨਾਜਾ ਨਿਕਲਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਖੋਲ੍ਹੇ ਗਏ ਸੁਵਿਧਾ ਕੇਂਦਰਾਂ ਦੇ ਬੋਰਡ ਬਦਲਕੇ ਮੁਹੱਲਾ ਕਲੀਨਿਕਾਂ ਵਿੱਚ ਭਾਂਵੇ ਤਬਦੀਲ ਕਰ ਦਿੱਤੇ ਗਏ ਹਨ ਪਰ ਇਨ੍ਹਾਂ ਵਿੱਚ ਸਹੂਲਤਾਂ ਦੇ ਨਾਮ ’ਤੇ ਕੁਝ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਪਿੰਡਾਂ ਵਿੱਚ ਚੱਲ ਰਹੇ ਪੀਐਚਸੀ, ਸੀਐਚਸੀ ਦਾ ਬੁਰਾ ਹਾਲ ਹੈ। ਉਨ੍ਹਾਂ ਵਿੱਚ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਹਨ। ਉੱਥੇ ਨਾ ਤਾਂ ਸਹੀ ਢੰਗ ਨਾਲ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਨਾ ਹੀ ਦਵਾਈਆਂ ਅਤੇ ਟੀਕੇ ਦਿੱਤੇ ਗਏ ਹਨ। ਹਾਲਾਤ ਇਹ ਹਨ ਕਿ ਲੋਕ ਬਾਹਰੋਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਹਨ। ਜਦੋਂ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਸਿਹਤ ਮੰਤਰੀ ਕੋਲ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਮੰਦਾ ਚੰਗਾ ਬੋਲਦੇ ਹੈ। ਅੱਜ ਹਲਕੇ ਦੇ ਲੋਕ ਸਿਹਤ ਮੰਤਰੀ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹਨ।
ਕਿਸਾਨਾਂ ਦੇ ਮੁੱਦੇ ‘ਤੇ ਸਿਹਤ ਮੰਤਰੀ ਨੂੰ ਘੇਰਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਉੱਤਰੀ ਬਾਈਪਾਸ ਦੀ ਉਸਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਉਹ ਕਿਉਂ ਭੱਜ ਰਹੇ ਹਨ। ਸ਼ਰਮਾ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸਦੇ ਲਈ ਸਿੱਧੇ ਤੌਰ ‘ਤੇ ਬਲਬੀਰ ਸਿੰਘ ਅਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਜ਼ਿੰਮੇਵਾਰ ਹਨ। ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਕਿਸਾਨ ਦਾ ਪੁੱਤਰ ਹਾਂ ਅਤੇ ਕਿਸਾਨੀ ਉਨ੍ਹਾਂ ਦੇ ਖੂਨ ਵਿੱਚ ਹੈ। ਚੋਣਾਂ ਜਿੱਤਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰਵਾ ਕੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਨਗੇ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ,  ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅੰਮ੍ਰਿਤਪਾਲ ਸਿੰਘ ਲੰਗ ਪ੍ਰਧਾਨ ਯੂਥ ਅਕਾਲੀ ਦਲ, ਬਲਜਿੰਦਰ ਸਰਪੰਚ ਮੰਡੋੜ, ਬੂਟਾ ਸਿੰਘ ਮੰਡੋੜ, ਜੱਗੀ ਮੰਡੋੜ, ਗੁਰਚਰਨ ਸਿੰਘ ਘਮਰੋਦਾ, ਬੇਅੰਤ ਸਿੰਘ ਖੁਰਦ, ਅਮ੍ਰਿਤ ਸਿੰਘ ਲਲੋਡਾ, ਧਰਮਿੰਦਰ ਸਿੰਘ ਲੁਬਾਣਾ, ਕਾਕਾ ਘਮਰੋਦਾ, ਜ਼ੋਰਾਵਰ ਸਿੰਘ, ਗੁਰਦਿਆਲ ਸਿੰਘ ਬਿੱਲੂ, ਤੇਜਿੰਦਰ ਰੋਹਟਾ, ਗੁਰਮੁੱਖ ਸਿਘ ਖਨਸੂਆ, ਗੁਰਪ੍ਰੀਤ ਸਿੰਘ ਗੋਪੀ, ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਬੀਬੀ ਜਸਪਾਲ ਕੌਰ ਬਾਰਨ, ਗੁਰਤੇਜ ਸਿੰਘ ਕੌਲ, ਹਰਜਿੰਦਰ ਸਿੰਘ ਹਿਆਣਾ ਸਮੇਤ ਕਈ ਪਤਵੰਤੇ ਹਾਜ਼ਰ ਸਨ।

Related Post

Leave a Reply

Your email address will not be published. Required fields are marked *