ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹੜ੍ਹਾਂ ਤੋਂ ਬਚਾਅ ਪ੍ਰਬੰਧਾਂ ਤੇ ਵਿਕਾਸ ਕਾਰਜਾਂ ਦਾ ਜਾਇਜ਼ਾ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹੜ੍ਹਾਂ ਤੋਂ ਬਚਾਅ ਪ੍ਰਬੰਧਾਂ ਤੇ ਵਿਕਾਸ ਕਾਰਜਾਂ ਦਾ ਜਾਇਜ਼ਾ
-ਅਧਿਕਾਰੀਆਂ ਨੂੰ ਤਿੰਨ ਹਫ਼ਤੇ ‘ਚ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰਨ, ਲੋਕਾਂ ਦੀਆਂ ਮੁਸ਼ਕਿਲਾਂ ਤੁਰੰਤ ਹੱਲ ਕਰਨ ਤੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਨਿਪਟਾਉਣ ਦੇ ਨਿਰਦੇਸ਼
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸ ਕਾਰਜ ਹੋਰ ਤੇਜ ਹੋਣਗੇ
ਪਟਿਆਲਾ, 13 ਜੂਨ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਜ਼ਿਲ੍ਹਾ ਅਧਿਕਾਰੀਆਂ ਤੇ ਸਥਾਨਕ ਵਸਨੀਕਾਂ ਦੇ ਨੁਮਾਇੰਦਿਆਂ ਨਾਲ ਇੱਕ ਸਾਂਝੀ ਬੈਠਕ ਕਰਕੇ ਪਟਿਆਲਾ ਦਿਹਾਤੀ ਹਲਕੇ ‘ਚ ਹੜ੍ਹਾਂ ਤੋਂ ਬਚਾਅ ਪ੍ਰਬੰਧਾਂ, ਵਿਕਾਸ ਕਾਰਜਾਂ ਤੇ ਸਥਾਨਕ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਜਾਇਜ਼ਾ ਲਿਆ। ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਤੇ ਹੋਰ ਅਧਿਕਾਰੀਆਂ ਸਮੇਤ ਹਲਕੇ ਦੇ ਪਤਵੰਤੇ ਵੀ ਵੱਡੀ ਗਿਣਤੀ ‘ਚ ਮੌਜੂਦ ਰਹੇ। ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਕੰਮਾਂ ਬਾਰੇ ਉਹ ਖ਼ੁਦ ਹਰ ਹਫ਼ਤੇ ਅਧਿਕਾਰੀਆਂ ਤੋਂ ਜਾਣਕਾਰੀ ਲੈਕੇ ਲਗਾਤਾਰ ਜਾਇਜ਼ਾ ਲੈ ਰਹੇ ਹਨ ਇਸ ਬਾਰੇ ਆਪਣੇ ਲੋਕਾਂ ਨੂੰ ਵੀ ਅਪਡੇਟ ਕਰਨਗੇ।
ਮੀਟਿੰਗ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਸਮੇਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮਿੱਥੇ ਸਮੇਂ ਦੇ ਅੰਦਰ-ਅੰਦਰ ਹੱਲ ਕਰਵਾਉਣ ਲਈ ਦ੍ਰਿੜ ਸੰਕਲਪ ਹੈ। ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਜੰਗੀ ਪੱਧਰ ‘ਤੇ ਮਿੱਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਨੇ ਇਸ ਦੌਰਾਂਨ ਪੁੱਜੇ ਸਥਾਨਕ ਨੁਮਾਇੰਦਿਆਂ ਵੱਲੋਂ ਉਠਾਏ ਮਸਲੇ ਤੁਰੰਤ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਨਿਰਦੇਸ਼ ਦਿੱਤੇ।
ਡਾ. ਬਲਬੀਰ ਸਿੰਘ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੰਘੇ ਵਰ੍ਹੇ ਆਏ ਹੜ੍ਹਾਂ ਕਰਕੇ ਪਟਿਆਲਾ ਤੇ ਨੇੜਲੇ ਇਲਾਕਿਆਂ ਵਿੱਚ ਕਾਫ਼ੀ ਨੁਕਸਾਨ ਹੋਇਆ ਸੀ, ਇਸ ਲਈ ਵੱਡੀ ਨਦੀ ਦੇ ਬੰਨ੍ਹ (ਖਾਸ ਕਰਕੇ ਚੜ੍ਹਦੇ ਪਾਸੇ ਵਾਲੇ ਕਿਨਾਰੇ) ਅਗਲੇ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਮਜ਼ਬੂਤ ਕੀਤੇ ਜਾਣ। ਉਨ੍ਹਾਂ ਨੇ ਪਿੰਡਾਂ ਵਿੱਚ ਜਿਥੇ ਕਿਤੇ ਡਰੇਨਾਂ ਤੇ ਸਾਇਫਨਾਂ ਦੀ ਸਫਾਈ ਦੀ ਲੋੜ ਹੈ ਬਾਰੇ ਵੀ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਡਰੇਨਾਂ ਨੂੰ ਹੋਰ ਡੂੰਘਾ ਕੀਤਾ ਜਾਵੇ ਤੇ ਇਨ੍ਹਾਂ ਦੁਆਲਿਉਂ ਨਾਜਾਇਜ਼ ਕਬਜ਼ੇ ਛੁਡਵਾ ਕੇ ਦਰਖ਼ਤ ਲਗਾਏ ਜਾਣ।
ਸਿਹਤ ਮੰਤਰੀ ਨੇ ਕਿਹਾ ਕਿ ਵੱਡੀ ਨਦੀ ਵਿੱਚ ਪਾਣੀ ਲਿਜਾਣ ਦੀ ਸਮਰੱਥਾ ਵਧਾਈ ਜਾਣ ਸਮੇਤ ਘੱਟ ਸਮੇਂ ‘ਚ ਹੰਗਾਮੀ ਹਾਲਤ ਵਿੱਚ ਕੀਤੇ ਜਾਣ ਵਾਲੇ ਕੰਮਾਂ ਤੇ ਲੰਬੇ ਸਮੇਂ ਦੇ ਹੱਲ ਕੱਢਣ ਵੱਲ ਤਵੱਜੋ ਦਿੱਤੀ ਜਾਵੇ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ, ਇਸ ਲਈ ਕੰਮਾਂ ਵਿੱਚ ਜਾਣ ਬੁੱਝਕੇ ਦੇਰੀ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪਿੰਡ ਲੌਟ, ਨੰਦਪੁਰ ਕੇਸ਼ੋ, ਸਿੰਬੜੋ, ਬਾਰਨ ਤੇ ਹੋਰ ਪਿੰਡਾਂ ‘ਚ ਛੱਪੜਾਂ ਦੇ ਮਸਲੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਬੈਠਕ ਦੌਰਾਨ ਕਈ ਕਲੋਨੀਆਂ, ਫੈਕਟਰੀ ਏਰੀਆ, ਰਾਮ ਬਾਗ ਆਦਿ ਵਿੱਚ ਪਾਣੀ ਦੀ ਨਿਕਾਸੀ, ਪੀਣ ਵਾਲੇ ਦੀ ਸਮੱਸਿਆ ਸਮੇਤ ਅਵਾਰਾ ਕੁੱਤਿਆਂ ਦੀਆਂ ਸਾਹਮਣੇ ਆਈਆਂ ਸ਼ਿਕਾਇਤਾਂ ਬਾਬਤ ਸਿਹਤ ਮੰਤਰੀ ਨੇ ਨਗਰ ਨਿਗਮ ਨੂੰ ਲੋੜੀਂਦੇ ਕਦਮ ਤੁਰੰਤ ਉਠਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਫੂਲਕੀਆਂ ਇਨਕਲੇਵ-ਪੁਲਿਸ ਲਾਈਨ ਸਮੇਤ ਫੈਕਟਰੀ ਏਰੀਆ, ਮਨਜੀਤ ਨਗਰ ਤੇ ਡੀ.ਐਲ.ਐਫ਼ ਕਲੋਨੀ ਵਿਖੇ ਬਰਸਾਤ ਦੇ ਖੜ੍ਹੇ ਹੁੰਦੇ ਪਾਣੀ ਦੀ ਸਮੱਸਿਆ ਦਾ ਵੀ ਸਥਾਈ ਹੱਲ ਕਰਨ ਲਈ ਸਟਰੌਮ ਵਾਟਰ ਚੈਨਲ ਪਾਉਣ ਦਾ ਕੰਮ ਮੁਕੰਮਲ ਹੋਣ ਨੇੜੇ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫੁਲਕੀਆਂ ਇਨਕਲੇਵ ਤੋਂ ਅਨੰਦ ਨਗਰ-ਰਣਜੀਤ ਨਗਰ ਤੱਕ ਪਈ ਪਾਈਪ ਕਰਕੇ ਖਰਾਬ ਹੋਈ ਸੜਕ ਦੀ ਮੁਰੰਮਤ ਦਾ ਕੰਮ ਤੁਰੰਤ ਨਿਪਟਾਇਆ ਜਾਵੇ।
ਇਸੇ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਰਨ ਸਮੇਤ ਸਾਰੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ। ਇਕ ਮੌਕੇ ਏ.ਡੀ.ਸੀ. (ਜ) ਕੰਚਨ, ਪੀ.ਡੀ.ਏ. ਦੇ ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ, ਕਰਨਲ ਜੇ.ਵੀ ਸਿੰਘ, ਬਲਵਿੰਦਰ ਸੈਣੀ, ਜ਼ਿਲ੍ਹਾ ਮਾਲ ਅਫ਼ਸਰ ਗੁਰਲੀਨ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਡਾ. ਭੀਮਇੰਦਰ ਸਿੰਘ, ਆਮ ਆਦਮੀ ਪਾਰਟੀ ਦੇ ਸੂਬਾ ਆਗੂ ਜਗਦੀਪ ਸਿੰਘ ਜੱਗਾ, ਜਸਬੀਰ ਸਿੰਘ ਗਾਂਧੀ, ਚਰਨਜੀਤ ਸਿੰਘ ਐਸ.ਕੇ, ਲਾਲ ਸਿੰਘ, ਮਨਦੀਪ ਸਿੰਘ ਵਿਰਦੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Related Post

Leave a Reply

Your email address will not be published. Required fields are marked *