ਸਟੇਟ ਐਵਾਰਡੀ ਸ੍ਰੀ ਰਜਿੰਦਰ ਸੈਣੀ ਦਾ ਜ਼ੋਨ ਪਟਿਆਲਾ-2 ਵੱਲੋਂ ਪੋਲੋ ਗਰਾਊਂਡ ਵਿਖੇ ਵਿਸ਼ੇਸ਼ ਸਨਮਾਨ

ਪਟਿਆਲਾ: 9 ਅਕਤੂਬਰ, ਸਵੀਤਾ ਸ਼ਰਮਾ
ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ੍ਰੀ ਰਜਿੰਦਰ ਸੈਣੀ (ਡੀ.ਪੀ.ਈ., ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨ.ਟੀ.ਸੀ., ਪਟਿਆਲਾ ਅਤੇ ਜ਼ੋਨਲ ਸਕੱਤਰ, ਜ਼ੋਨ ਰਾਜਪੁਰਾ) ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਮਿਲਣ ਦੀ ਖ਼ੁਸ਼ੀ ਵਿੱਚ ਜ਼ੋਨ ਪਟਿਆਲਾ-2 ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਸਥਾਨਕ ਪੋਲੋ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਮੌਕੇ ਜ਼ੋਨ ਪਟਿਆਲਾ-2 ਦੇ ਜ਼ੋਨਲ ਸਕੱਤਰ ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਸ੍ਰੀ ਰਜਿੰਦਰ ਸੈਣੀ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨ ਚਿੰਨ੍ਹ ਭੇਟ ਕੀਤਾ। ਸ੍ਰੀ ਜੱਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਸੈਣੀ ਦੀਆਂ ਖੇਡਾਂ ਅਤੇ ਵਿਦਿਆਰਥੀਆਂ ਪ੍ਰਤੀ ਨਿਰਸਵਾਰਥ ਸੇਵਾਵਾਂ ਸਦਕਾ ਸਮੁੱਚੇ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ। ਉਹਨਾਂ ਦੀ ਇਹ ਪ੍ਰਾਪਤੀ ਹੋਰਨਾਂ ਅਧਿਆਪਕਾਂ ਅਤੇ ਨੌਜਵਾਨ ਖਿਡਾਰੀਆਂ ਲਈ ਵੱਡੀ ਪ੍ਰੇਰਨਾ ਸਰੋਤ ਹੈ। ਸਮਾਗਮ ਦੌਰਾਨ ਹਾਜ਼ਰ ਅਧਿਆਪਕਾਂ ਨੇ ਵੀ ਸ੍ਰੀ ਸੈਣੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਸੇ ਤਰ੍ਹਾਂ ਯਤਨਸ਼ੀਲ ਰਹਿਣਗੇ। ਸ੍ਰੀ ਰਜਿੰਦਰ ਸੈਣੀ ਨੇ ਇਸ ਸਨਮਾਨ ਲਈ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਚਰਨਜੀਤ ਸਿੰਘ (ਸਕੱਤਰ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ) , ਸ੍ਰੀ ਸਤਵਿੰਦਰ ਸਿੰਘ (ਸਹਾਇਕ ਜ਼ੋਨਲ ਸਕੱਤਰ, ਜ਼ੋਨ ਪਟਿਆਲਾ-2), ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨ ਪਟਿਆਲਾ-2), ਸ੍ਰੀ ਰਜਿੰਦਰ ਸਿੰਘ, ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀਮਤੀ ਕਿਰਨਜੀਤ ਕੌਰ, ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਸੰਦੀਪ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਰੁਪਿੰਦਰ ਕੌਰ, ਪ੍ਰੈੱਸ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਸ਼ੇਰਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ।

