ਵਿਦਿਆਰਥੀਆਂ ਤੇ ਪਟਿਆਲਵੀਆਂ ਨੇ ਕੀਤੀ ਵਿਰਾਸਤੀ ਥਾਵਾਂ ਦੀ ਸੈਰ

ਪਟਿਆਲਾ ਹੈਰੀਟੇਜ ਫੈਸਟੀਵਲ-2024′

-ਵਿਦਿਆਰਥੀਆਂ ਤੇ ਪਟਿਆਲਵੀਆਂ ਨੇ ਕੀਤੀ ਵਿਰਾਸਤੀ ਥਾਵਾਂ ਦੀ ਸੈਰ

-ਵਿਦਿਆਰਥੀਆਂ ਤੇ ਆਮ ਨਾਗਰਿਕਾਂ ਨੂੰ ਆਪਣੇ ਸ਼ਹਿਰ ਦੀ ਢਾਈ ਸ਼ਤਾਬਦੀਆਂ ਪੁਰਾਣੀ ਵਿਰਾਸਤ ਤੋਂ ਜਾਣੂ ਕਰਵਾਉਣਾ ਸ਼ਲਾਘਾਯੋਗ ਉਪਰਾਲਾ-ਡਾ. ਹਰਜਿੰਦਰ ਸਿੰਘ ਬੇਦੀ

ਪਟਿਆਲਾ, 10 ਫਰਵਰੀ:

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2024 ਦੇ ਅਹਿਮ ਹਿੱਸੇ ਵਜੋਂ ਪਟਿਆਲਾ ਦੀ ਨੌਜਵਾਨ ਪੀੜ੍ਹੀ ਨੂੰ ਸ਼ਹਿਰ ਦੇ ਵਿਰਾਸਤੀ ਸਥਾਨਾਂ ਦਾ ਦੌਰਾ ਕਰਵਾਉਣ ਲਈ ਪਟਿਆਲਾ ਫਾਊਂਡੇਸ਼ਨ ਵੱਲੋਂ ਆਪਣੇ ਪ੍ਰਾਜੈਕਟ ਆਈ ਹੈਰੀਟੇਜ ਤਹਿਤ 140ਵੀਂ ਵਿਰਾਸਤੀ ਸੈਰ (ਹੈਰੀਟੇਜ ਵਾਕ) ਦਾ ਆਯੋਜਨ ਕੀਤਾ ਗਿਆ।

ਇਸ ਵਿਰਾਸਤੀ ਸੈਰ ਨੂੰ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਸ਼ਾਹੀ ਸਮਾਧਾਂ ਤੋਂ ਝੰਡੀ ਦਿਖਾਕੇ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਐਸ.ਡੀ.ਐਮ ਅਰਵਿੰਦ ਕੁਮਾਰ, ਤਰਨਜੀਤ ਕੌਰ ਬੇਦੀ ਅਤੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਅਤੇ ਹੋਰ ਪਤਵੰਤੇ ਮੌਜੂਦ ਸਨ।

ਏ.ਡੀ.ਸੀ ਡਾ. ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਕਰਵਾਇਆ ਗਿਆ ਪਟਿਆਲਾ ਹੈਰੀਟੇਜ ਮੇਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਅਹਿਮ ਸਾਬਤ ਹੋਇਆ ਹੈ।

ਡਾ. ਬੇਦੀ ਨੇ ਪਟਿਆਲਾ ਫਾਊਂਡੇਸ਼ਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਦੀ 262 ਸਾਲਾਂ ਤੋਂ ਵੀ ਪੁਰਾਣੀ ਪੁਰਾਣੀ ਵਿਰਾਸਤੀ ਹੋਂਦ ਦਾ ਪਤਾ ਲੱਗਿਆ ਹੈ ਅਤੇ ਇਨ੍ਹਾਂ ਨੇ ਅੱਜ ਉਨ੍ਹਾਂ ਸਥਾਨਾਂ ਨੂੰ ਦੇਖਿਆ ਅਤੇ ਇਸ ਦਾ ਇਤਿਹਾਸ ਜਾਣਿਆ ਹੈ, ਜਿਸ ਤੋਂ ਸਾਰੇ ਲੋਕ ਜਾਣੂ ਨਹੀਂ ਹੁੰਦੇ।

ਇਸ ਵਿਰਾਸਤੀ ਸੈਰ ਮੌਕੇ ਹਾਜ਼ਰੀਨ ਨੇ ਪਟਿਆਲਾ ਦੀਆਂ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਸ਼ਹਿਰ ਦੇ ਅੰਦਰ-ਅੰਦਰ ਬਣੇ ਹੋਏ ਵਿਰਾਸਤੀ ਰਸਤੇ ਤੋਂ ਹੁੰਦੇ ਹੋਏ ਪੁਰਾਣੇ ਸ਼ਹਿਰ ਦੀ ਸੈਰ ਕੀਤੀ।

ਇਸ ਵਿਰਾਸਤੀ ਸੈਰ ਦੇ ਕਾਫ਼ਲੇ ਵਿਚ ਸਰਕਾਰੀ ਕਾਲਜ ਲੜਕੀਆਂ, ਐਮ.ਐਮ. ਮੋਦੀ ਕਾਲਜ ਅਤੇ ਯਾਦਵਿੰਦਰਾ ਪਬਲਿਕ ਸਕੂਲ ਦੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਸਮੇਤ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।

ਵਿਰਾਸਤੀ ਸੈਰ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਕੇ ਹਵੇਲੀ ਮੁਹੱਲਾ ਛੱਤਾ ਨਾਨੂੰਮਲ, ਬਰਤਨ ਬਾਜ਼ਾਰ, ਮਿਸ਼ਰੀ ਬਾਜ਼ਾਰ, ਰੂਪ ਚੰਦ ਮੁਹੱਲਾ, ਸੱਪਾਂ ਵਾਲੀ ਗਲੀ, ਰਾਜੇਸ਼ਵਰੀ ਸ਼ਿਵ ਮੰਦਰ, ਕੋਤਵਾਲੀ, ਦਰਸ਼ਨੀ ਡਿਊਢੀ ਤੋਂ ਹੁੰਦੀ ਹੋਈ ਕਿਲਾ ਮੁਬਾਰਕ ਵਿਖੇ ਜਾ ਕੇ ਸਮਾਪਤ ਹੋਈ।ਇਸ ਦੌਰਾਨ ਰਵੀ ਆਹਲੂਵਾਲੀਆ ਨੇ ਇਸ ਸੈਰ ‘ਚ ਸ਼ਾਮਲ ਹੋਏ ਵਿਦਿਆਰਥੀਆਂ ਅਤੇ ਹੋਰ ਪਤਵੰਤਿਆਂ ਨੂੰ ਇਸ ਰਸਤੇ ‘ਚ ਆਏ ਹਰ ਸਥਾਨ ਦਾ ਮਹੱਤਵ ਦੱਸਿਆ ਗਿਆ। ਸਭ ਤੋਂ ਪਹਿਲਾਂ ਸ਼ਾਹੀ ਸਮਾਧਾਂ ਬਾਰੇ ਦੱਸਿਆ ਗਿਆ ਕਿ ਇਥੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਸਮੇਤ ਪਟਿਆਲਾ ਰਿਆਸਤ ਦੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਸਮਾਧੀਆਂ ਸਥਿਤ ਹਨ।

ਇਸ ਉਪਰੰਤ ਦਾਲ ਦਲੀਆਂ ਚੌਂਕ, ਛੱਤਾ ਨਾਨੂੰਮਲ ਜੋ ਪਟਿਆਲਾ ਰਿਆਸਤ ਦੇ ਵਜ਼ੀਰ ਦਾ ਨਿਵਾਸ ਸਥਾਨ ਰਿਹਾ ਹੈ, ਬਰਤਨ ਬਾਜ਼ਾਰ ਜੋ ਸ਼ਹਿਰ ਦੀ ਸਥਾਪਨਾ ਸਮੇਂ ਹੀ ਹੋਂਦ ਵਿੱਚ ਆਇਆ ਤੇ ਕਰੀਬ 262 ਸਾਲ ਪੁਰਾਣਾ ਹੈ, ਇਥੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਬਾਰੇ ਦੱਸਿਆ ਗਿਆ।

ਇਸ ਤੋਂ ਬਿਨ੍ਹਾਂ ਰਾਜੇਸ਼ਵਰੀ ਸ਼ਿਵ ਮੰਦਰ ਜੋ ਕੇ ਇਤਿਹਾਸਕ ਮਹੱਤਤਾ ਰੱਖਦਾ ਹੈ, ਸੱਪਾਂ ਵਾਲੀ ਗਲੀ, ਦਰਸ਼ਨੀ ਗੇਟ ਜੋ ਪਟਿਆਲਾ ਸ਼ਹਿਰ ਵਿਚ ਦਾਖਲ ਹੋਣ ਲਈ ਰਸਤਾ ਸੀ ਬਾਰੇ ਵੀ ਦੱਸਿਆ ਗਿਆ। ਅਖੀਰ ਵਿਚ ਜਿਥੋਂ ਪਟਿਆਲਾ ਰਿਆਸਤ ਦਾ ਮੁੱਢ ਬੰਨ੍ਹਿਆ ਗਿਆ ਅਤੇ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦਾ ਨਿਵਾਸ ਸਥਾਨ ਰਿਹਾ ਹੈ, ਵਿਖੇ ਪਹੁੰਚ ਕੇ ਇਹ ਵਿਰਾਸਤੀ ਸੈਰ ਸਮਾਪਤ ਹੋਈ।

ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਡਾ. ਰਵਿੰਦਰ ਕੌਰ, ਡਾ. ਅਭਿਨੰਦਨ ਬਸੀ, ਹਰਪ੍ਰੀਤ ਸੰਧੂ, ਐਸ.ਪੀ ਚਾਂਦ, ਪਵਨ ਗੋਇਲ, ਸਵੀਪ ਪਟਿਆਲਾ ਤੋਂ ਮੋਹਿਤ ਕੌਸ਼ਲ ਤੇ ਪਟਿਆਲਾ ਫਾਉਂਡੇਸ਼ਨ ਦੇ ਵਲੰਟੀਅਰ ਅਤੇ ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ ਅਤੇ ਸ਼ਹਿਰ ਵਾਸੀ ਮੌਜੂਦ ਸਨ।

Related Post

Leave a Reply

Your email address will not be published. Required fields are marked *