

-ਮੈਗਾ ਕਲੀਨਲਿਨੈੱਸ ਡਰਾਈਵ ‘ਚ ਸ਼ਹਿਰ ਵਾਸੀਆਂ ਨੂੰ ਸਫਾਈ ਮੁਹਿੰਮ ਦਾ ਵੱਧ-ਚੜ੍ਹ ਕੇ ਹਿੱਸਾ ਬਣਨ ਦਾ ਸੱਦਾ
-ਵੇਰਾਨ ਹੋਏ ਪਾਰਕ ਨੂੰ ਗੋਦ ਲੈ ਕੇ ਮੁੜ ਸੁੰਦਰ ਤੇ ਹਰਿਆ-ਭਰਿਆ ਬਣਾਉਣ ਦਾ ਉਪਰਾਲਾ
ਪਟਿਆਲਾ, 3 ਅਕਤੂਬਰ: ਅਨੁਰਾਗ ਸ਼ਰਮਾ
ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਟਿਆਲਾ ਸ਼ਹਿਰ ਨੂੰ ਹੋਰ ਸਾਫ-ਸੁਥਰਾ, ਸੁੰਦਰ ਅਤੇ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਮੁਹਿੰਮ ਤਹਿਤ ਅਰੰਭੀ ਤਿੰਨ ਰੋਜ਼ਾ ਮੈਗਾ ਸਫਾਈ ਅਭਿਆਨ 4 ਅਕਤੂਬਰ ਨੂੰ ਵੀ 159ਵੀਂ ਸਫਾਈ ਡਰਾਈਵ ਤਹਿਤ ਜਾਰੀ ਰਹੇਗਾ।
ਮੁਹਿੰਮ ਦੇ ਮੈਂਬਰਾਂ ਨੇ ਦੱਸਿਆ ਕਿ ਹੋਟਲ ਢਿੱਲੋਂ ਰੈਜ਼ੀਡੈਂਸੀ ਦੇ ਸਾਹਮਣੇ, ਮਿੰਨੀ ਸਕੱਤਰੇਤ ਰੋਡ ਸਥਿਤ ਲੰਮੇ ਸਮੇਂ ਤੋਂ ਅਣਗੌਲਿਆ ਪਿਆ ਪਾਰਕ ਗੋਦ ਲੈ ਕੇ ਉਸ ਨੂੰ ਮੁੜ ਸਾਫ-ਸੁਥਰਾ, ਸੁੰਦਰ ਅਤੇ ਲੋਕਾਂ ਲਈ ਵਰਤੋਂਯੋਗ ਬਣਾਉਣ ਦਾ ਕੰਮ ਹੱਥ ਵਿੱਚ ਲਿਆ ਗਿਆ ਹੈ। ਇਸ ਦੌਰਾਨ ਸਫਾਈ ਦੇ ਨਾਲ-ਨਾਲ ਹਰਿਆਵਲ ਵਧਾਉਣ, ਪਾਰਕ ਦੀ ਸੰਭਾਲ ਅਤੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸੁੰਦਰ ਬਣਾਉਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਪਹਿਲੇ ਤੇ ਦੂਜੇ ਦਿਨ ਦੀ ਸਫਾਈ ਮੁਹਿੰਮ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਸ਼ਹਿਰ ਵਾਸੀਆਂ, ਸਮਾਜ ਸੇਵੀਆਂ ਅਤੇ ਵਲੰਟੀਅਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਹੱਥਾਂ ਵਿੱਚ ਝਾੜੂ ਅਤੇ ਸਫਾਈ ਸਮੱਗਰੀ ਫੜ ਕੇ ਲੋਕਾਂ ਨੇ ਇਹ ਸੁਨੇਹਾ ਦਿੱਤਾ ਕਿ ਸ਼ਹਿਰ ਦੀ ਸਫਾਈ ਸਿਰਫ਼ ਕਿਸੇ ਇੱਕ ਵਿਭਾਗ ਜਾਂ ਸੰਸਥਾ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।
‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਵੱਲੋਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚਾਰ ਅਕਤੂਬਰ ਨੂੰ ਹੋਣ ਵਾਲੀ ਸਫਾਈ ਡਰਾਈਵ ਵਿੱਚ ਪਰਿਵਾਰ ਸਮੇਤ ਵੱਧ-ਚੜ੍ਹ ਕੇ ਸ਼ਾਮਲ ਹੋਣ।
ਮੁਹਿੰਮ ਦੇ ਮੈਂਬਰਾਂ ਨੇ ਕਿਹਾ ਕਿ “ਸਾਫ ਪਾਰਕ, ਹਰਾ-ਭਰਾ ਸ਼ਹਿਰ ਅਤੇ ਬਿਹਤਰ ਭਵਿੱਖ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹਰ ਪਟਿਆਲਵੀ ਦੀ ਭਾਗੀਦਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਭਿਆਨ ਦਾ ਮਕਸਦ ਸਿਰਫ਼ ਕੂੜਾ-ਕਰਕਟ ਹਟਾਉਣਾ ਹੀ ਨਹੀਂ, ਸਗੋਂ ਲੋਕਾਂ ਵਿੱਚ ਆਪਣੇ ਸ਼ਹਿਰ, ਪਾਰਕਾਂ ਅਤੇ ਜਨਤਕ ਥਾਵਾਂ ਪ੍ਰਤੀ ਜ਼ਿੰਮੇਵਾਰੀ ਅਤੇ ਸਾਂਝੀ ਮਾਲਕੀ ਦੀ ਭਾਵਨਾ ਪੈਦਾ ਕਰਨਾ ਵੀ ਹੈ।

