ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ: ਅਕਾਲੀ ਦਲ

ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ: ਅਕਾਲੀ ਦਲ
ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਸਭ ਕੁਝ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਐਸ ਵਾਈ ਐਲ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤਾ ਜਾ ਸਕੇ।
ਚੰਡੀਗੜ੍ਹ, 17 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਨਹਿਰੀ ਪਟਵਾਰੀਆਂ ’ਤੇ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਦਾ ਹੋਣ ਦਾ ਝੂਠ ਬੋਲਣ ਲਈ ਦਬਾਅ ਕਿਉਂ ਬਣਾ ਰਹੇ ਹਨ ਤਾਂ ਜੋ ਇਹ ਪਾਣੀ ਐਸ ਵਾਈ ਐਲ ਨਹਿਰ ਰਾਹੀਂ ਹਰਿਆਣਾ ਤੇ ਦਿੱਲੀ ਨੂੰ ਦਿੱਤਾ ਜਾ ਸਕੇ।
ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਇਸ ਸਬੰਧ ਵਿਚ ਜਲ ਸਰੋਤ ਵਿਭਾਗ ਦੇ ਨਿਰਦੇਸ਼ਾਂ ਦੇ ਨਾਲ-ਨਾਲਨਹਿਰੀ ਪਟਵਾਰੀਆਂ ਤੇ ਮਾਲ ਵਿਭਾਗ ਦੇ ਸਟਾਫ ਵੱਲੋਂ ਇਸ ਸਬੰਧ ਵਿਚ ਸਰਕਾਰ ਨੂੰ ਲਿਖੇ ਰੋਸ ਦੀਆਂ ਕਾਪੀ ਵਿਖਾਈਆਂ ਅਤੇ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਤਾਂ ਜੋ ਐਸ ਵਾਈ ਐਲ ਨਹਿਰ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾ ਸਕੇ।
ਐਡਵੋਕੇਟ ਕਲੇਰ ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਲਗਾਤਾਰ ਪਟਵਾਰੀਆਂ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਇਹ ਰਿਪੋਰਟਾਂ ਸੌਂਪਣ ਕਿ ਸੂਬੇ ਕੋਲ ਨਹਿਰੀ ਪਾਣੀ ਵਾਧੂ ਹੈ ਜੋ ਸਾਰੇ ਖੇਤਾਂ ਤੱਕ ਪਹੁੰਚਦਾ ਹੈ। ਉਹਨਾਂ ਕਿਹਾ ਕਿ ਇਹ ਝੂਠ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ ਜਦੋਂ ਕਿ ਅਸਲ ਵਿਚ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਵਿਚੋਂ ਸਿਰਫ 21 ਫੀਸਦੀ ਤੱਕ ਪਹੁੰਚਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਾਰੇ ਮਾਮਲੇ ਵਿਚ ਆਪ ਸਰਕਾਰ ਦੀ ਭੂਮਿਕਾ ਉਦੋਂ ਸਾਹਮਣੇ ਆਈ ਜਦੋਂ ਨਹਿਰੀ ਪਟਵਾਰੀ ਅਤੇ ਮਾਲ ਸਟਾਫ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਸ਼ਿਕਾਇਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਕੀਤੀ। ਮੰਤਰੀ ਨੇ ਉਹਨਾਂ ਦੀ ਸ਼ਿਕਾਇਤ ਲੈਣ ਤੋਂ ਨਾਂਹ ਕਰ ਦਿੱਤੀ ਤੇ ਉਹਨਾਂ ਨੂੰ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਆਖਿਆ।ਇਸ ਮਾਮਲੇ ਵਿਚ ਮੁੱਖ ਮੰਤਰੀ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਵੀ ਨਾਕਾਮ ਸਾਬਤ ਹੋਈਆਂ ਤੇ ਪਟਵਾਰੀਆਂ ਤੇ ਮਾਲ ਸਟਾਫ ਨੂੰ ਮਜਬੂਰ ਹੋ ਕੇ ਕਲਮ ਛੋੜ ਹੜਤਾਲ ਕਰਨੀ ਪਈ ਤੇ ਹੁਣ ਸਰਕਾਰ ਇਹਨਾਂ ਨੂੰ ਮੁਅੱਤਲ ਕਰ ਕੇ ਤੇ ਹੋਰ ਅਨੁਸ਼ਾਸਨੀ ਕਾਰਵਾਈ ਕਰਨ ਦੇ ਯਤਨ ਕਰ ਰਹੀ ਹੈ।
ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਪੰਜਾਬ ਵਿਰੋਧੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਆਪ, ਕਾਂਗਰਸ ਤੇ ਭਾਜਪਾ ਸਮੇਤ ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਐਮ ਪੀ ਸੰਦੀਪ ਪਾਠਕ ਸਮੇਤ ਆਪ ਲੀਡਰਸ਼ਿਪ ਲਗਾਤਾਰ ਦਬਾਅ ਬਣਾ ਰਹੀ ਹੈ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ। ਹੁਣ ਅਜਿਹਾ ਜਾਪਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀ ਇਸਦਾ ਮਨ ਬਣ ਲਿਆ ਹੈ ਤੇ ਪੰਜਾਬ ਵਿਚ ਇਕ ਸਰਵੇਖਣ ਕਰਵਾ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸੂਬੇ ਕੋਲ ਪਾਣੀ ਵਾਧੂ ਹੈ। ਇਹ ਸਰਵੇ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਜਾਵੇਗੀ ਤਾਂ ਜੋ ਅਦਾਲਤ ਐਸ ਵਾਈ ਐਲ ਨਹਿਰ ਦੀ ਉਸਾਰੀ ਦੇ ਹੁਕਮ ਦੇਵੇ ਅਤੇ ਪੰਜਾਬ ਦੇ ਮੁੱਖ ਮੰਤਰੀ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੰਜਾਬ ਕੋਲ ਲੋੜ ਨਾਲੋਂ ਵਾਧੂ ਪਾਣੀ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।
ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਆਪ ਨੂੰ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਅਤੇ ਸੂਬੇ ਦੇ ਅਰਥਚਾਰੇ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਵੇਗਾ। ਅਸੀਂ ਇਸ ਸਾਜ਼ਿਸ਼ ਦਾ ਪੁਰਜ਼ੋਰ ਵਿਰੋਧ ਕਰਾਂਗੇ ਅਤੇ ਇਸ ਸਾਜ਼ਿਸ਼ ਨੂੰ ਅਸਫਲ ਕਰਨ ਵਾਸਤੇ ਅਸੀਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਉਹਨਾਂ ਨੇ ਪੰਜਾਬਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਾਜ਼ਿਸ਼ ਨੂੰ ਸਮਝਣ ਕਿ ਪਹਿਲਾਂ ਕਾਂਗਰਸ ਨੇ ਸੂਬੇ ਦਾ ਅੱਧਾ ਦਰਿਆਈ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਤੇ ਐਸ ਵਾਈ ਐਲ ਨਹਿਰ ਉਸਾਰ ਦਿੱਤੀ ਤੇ ਹੁਣ ਆਪ ਤੇ ਭਾਜਪਾ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਤੁਸੀਂ ਸਿਰਫ ਤੇ ਸਿਰਫ ਅਕਾਲੀ ਦਲ ਦੀ ਹਮਾਇਤ ਕਰੋ ਜੋ ਤੁਹਾਡੇ ਪਾਣੀਆਂ ਸਮੇਤ ਪੰਜਾਬ ਦੇ ਹੋਰ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ।

Related Post

Leave a Reply

Your email address will not be published. Required fields are marked *