

ਪਟਿਆਲਾ, 19 ਅਕਤੂਬਰ ਅਨੁਰਾਗ ਸ਼ਰਮਾ
ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਐੱਨ.ਐੱਸ.ਐੱਨ.ਆਈ.ਐੱਸ., ਪਟਿਆਲਾ ਦੇ ਵੈਲੋਡਰੋਮ ਵਿਖੇ ਕਰਵਾਈ ਗਈ ਪੰਜਾਬ ਰਾਜ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਸਫ਼ਲਤਾਪੂਰਵਕ ਸੰਪੰਨ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕਾਰਵਾਈ ਇਸ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਖੇਡ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਲੋੜ ਉਨ੍ਹਾਂ ਨੂੰ ਢੁੱਕਵੀਆਂ ਸਹੂਲਤਾਂ, ਮਿਆਰੀ ਸਿਖਲਾਈ ਅਤੇ ਨਿਯਮਤ ਮੁਕਾਬਲਿਆਂ ਦੇ ਮੌਕੇ ਪ੍ਰਦਾਨ ਕਰਨ ਦੀ ਹੈ, ਤਾਂ ਜੋ ਉਹ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।
ਉਨ੍ਹਾਂ ਪਟਿਆਲਾ ਸ਼ਹਿਰ ਨੇੜੇ ਵਿਧਾਨ ਸਭਾ ਹਲਕਾ ਸਮਾਣਾ ਅਧੀਨ 250 ਮੀਟਰ ਦਾ ਅਤਿ-ਆਧੁਨਿਕ ਵੈਲੋਡਰੋਮ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀ ਸਹੂਲਤ ਨਾਲ ਸਾਈਕਲਿਸਟਾਂ ਨੂੰ ਆਧੁਨਿਕ ਮਾਪਦੰਡਾਂ ਅਨੁਸਾਰ ਅਭਿਆਸ ਕਰਨ ਅਤੇ ਵੱਡੇ ਮੁਕਾਬਲਿਆਂ ਲਈ ਤਿਆਰੀ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਾਈਕਲਿੰਗ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਅੱਗੇ ਲਿਜਾਣ ਲਈ ਖੇਡ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਸਮੇਂ ਦੀ ਲੋੜ ਹੈ।
ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਾਈਕਲਿੰਗ ਦੀਆਂ ਰਿਹਾਇਸ਼ੀ ਅਕੈਡਮੀਆਂ ਸਥਾਪਤ ਕਰਨ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਕੈਡਮੀਆਂ ਵਿੱਚ ਖਿਡਾਰੀਆਂ ਲਈ ਸਿਖਲਾਈ ਦੇ ਨਾਲ-ਨਾਲ ਰਿਹਾਇਸ਼, ਸੰਤੁਲਿਤ ਖ਼ੁਰਾਕ, ਪੜ੍ਹਾਈ ਅਤੇ ਖੇਡ ਸਾਜ਼ੋ-ਸਾਮਾਨ ਦੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਪਿੰਡਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹੋਣਹਾਰ ਖਿਡਾਰੀਆਂ ਨੂੰ ਵੀ ਆਪਣੀ ਪ੍ਰਤਿਭਾ ਨਿਖਾਰਨ ਦੇ ਬਿਹਤਰ ਮੌਕੇ ਮਿਲ ਸਕਣਗੇ।
ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਾਈਕਲਿਸਟਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਲਗਾਤਾਰ ਮਿਹਨਤ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਚੈਂਪੀਅਨਸ਼ਿਪ ਕਰਵਾਉਣ ਲਈ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ, ਕੋਚਾਂ ਅਤੇ ਤਕਨੀਕੀ ਅਧਿਕਾਰੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ, “ਸਾਡਾ ਉਦੇਸ਼ ਪੰਜਾਬ ਦੇ ਹੋਣਹਾਰ ਸਾਈਕਲਿਸਟਾਂ ਨੂੰ ਨਿਯਮਤ ਮੁਕਾਬਲਿਆਂ ਅਤੇ ਮਿਆਰੀ ਸਿਖਲਾਈ ਰਾਹੀਂ ਅੱਗੇ ਵਧਣ ਦੇ ਮੌਕੇ ਦੇਣਾ ਹੈ। ਰਾਜ ਪੱਧਰੀ ਚੈਂਪੀਅਨਸ਼ਿਪ ਜਿੱਥੇ ਖਿਡਾਰੀਆਂ ਨੂੰ ਆਪਣੀ ਤਿਆਰੀ ਪਰਖਣ ਅਤੇ ਮੁਕਾਬਲੇ ਦਾ ਤਜਰਬਾ ਹਾਸਲ ਕਰਨ ਲਈ ਅਹਿਮ ਮੰਚ ਪ੍ਰਦਾਨ ਕਰਦੀ ਹੈ, ਉੱਥੇ ਇਸ ਦੇ ਨਤੀਜੇ ਦੇ ਅਧਾਰ ‘ਤੇ ਨੈਸ਼ਨਲ ਟੀਮ ਦੀ ਚੋਣ ਹੁੰਦੀ ਹੈ। ਰਿਹਾਇਸ਼ੀ ਅਕੈਡਮੀਆਂ ਅਤੇ ਆਧੁਨਿਕ ਵੈਲੋਡਰੋਮ ਵਰਗੀਆਂ ਸਹੂਲਤਾਂ ਪੰਜਾਬ ਵਿੱਚ ਸਾਈਕਲਿੰਗ ਦਾ ਆਧਾਰ ਹੋਰ ਮਜ਼ਬੂਤ ਕਰਨਗੀਆਂ।”
ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਦੀ ਟੀਮ ਰਾਸ਼ਟਰੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਰਾਂਚੀ ਜਾਵੇਗੀ। ਉਨ੍ਹਾਂ ਪੰਜਾਬ ਦੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਆਪਣੀ ਮਿਹਨਤ ਅਤੇ ਲਗਨ ਸਦਕਾ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨਗੇ ਅਤੇ ਸੂਬੇ ਲਈ ਤਮਗੇ ਜਿੱਤਣਗੇ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਟਰੈਜਰਾਰ ਬੀਐਸ ਸੂਦਨ, ਕੌਮਾਂਤਰੀ ਸਾਈਕਲਿਸਟ ਬਖਸ਼ੀਸ਼ ਸਿੰਘ, ਕੌਮਾਂਤਰੀ ਸਾਈਕਲਿਸਟ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੰਯੁਕਤ ਸਕੱਤਰ ਸੁਖਜਿੰਦਰ ਸਿੰਘ,ਵਾਈਸ ਪ੍ਰਧਾਨ ਐਸਪੀ ਸਿੰਘ, ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਜੁਆਇੰਟ ਸੈਕਟਰੀ ਸਤਵਿੰਦਰ ਸਿੰਘ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਅੰਮ੍ਰਿਤਸਰ ਦੇ ਅਹੁਦੇਦਾਰ ਸਤਬੀਰ ਸਿੰਘ, ਇੰਸਪੈਕਟਰ ਵਿਜੀਲੈਂਸ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਪਵਿੱਤਰ ਸਿੰਘ, ਕ੍ਰਿਸ਼ਨ ਪਹਿਲਵਾਨ, ਬਾਬਾ ਅਰਜਨ ਸਿੰਘ ਜੀ ਮੁੱਖ ਸੇਵਾਦਾਰ ਡੇਰਾ ਬਾਬਾ ਰੱਬ ਆਲਮਪੁਰ,
ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਸੰਗਰੂਰ ਦੀ ਔਰਗਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਜਗਦੀਸ਼ ਸਿੰਘ, ਸਕੱਤਰ ਜਸਵੀਰ ਸਿੰਘ, ਸੀਨੀਅਰ ਅਹੁਦੇਦਾਰ ਕੁਲਦੀਪ ਸਿੰਘ, ਐਨ ਪੀ ਸਿੰਘ, ਕਮਲਪ੍ਰੀਤ ਸਿੰਘ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਮੋਹਾਲੀ ਦੀ ਔਰਗਨਾਈਜ਼ਿੰਗ ਕਮੇਟੀ ਦੇ ਚੇਅਰਪਰਸਨ ਦਮਨਪ੍ਰੀਤ ਕੌਰ, ਕੌਮਾਂਤਰੀ ਸਾਈਕਲਿਸਟ ਗੁਰਪ੍ਰੀਤ ਕੌਰ, ਐਨਐਸ ਐਨਆਈਐਸ ਦੇ ਚੀਫ ਕੋਚ ਸ਼੍ਰੀ ਜੋਗਿੰਦਰ, ਕੋਚ ਸੰਦੀਪ ਕੌਰ, ਸਪੋਰਟਸ ਪ੍ਰਮੋਟਰ ਜਗਜੀਤ ਸਿੰਘ ਸਮੇਤ ਵੱਖ-ਵੱਖ ਪ੍ਰਬੰਧਕ ਅਤੇ ਅਹੁਦੇਦਾਰ ਅਤੇ ਵੱਡੀ ਗਿਣਤੀ ਖਿਡਾਰੀ ਹਾਜ਼ਰ ਸਨ।

