ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ

ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ
-ਕਿਹਾ, ਪਿਛਲੇ ਸਾਲ ਹੜ੍ਹਾਂ ਕਰਕੇ ਟੁੱਟੇ ਬੰਨ੍ਹ ਵਾਲੀਆਂ ਥਾਵਾਂ ਦਾ ਦੌਰਾ ਕਰਕੇ ਲੈਣਗੇ ਸਥਿਤੀ ਦਾ ਜਾਇਜ਼ਾ
ਪਟਿਆਲਾ, 3 ਮਈ:
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪਟਿਆਲਾ ਜ਼ਿਲ੍ਹੇ ਵਿੱਚ ਲੰਘੇ ਵਰ੍ਹੇ ਆਏ ਹੜ੍ਹਾਂ ਦੇ ਮੱਦੇਨਜ਼ਰ ਭਵਿੱਖ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਰਕੇ ਘੱਗਰ ਤੇ ਹੋਰਨਾਂ ਨਦੀਆਂ, ਨਾਲਿਆਂ ਵਿੱਚ ਜਿੱਥੇ ਬੰਨ੍ਹ ਟੁੱਟੇ ਸਨ, ਉਨ੍ਹਾਂ ਥਾਵਾਂ ਦਾ ਉਹ ਖ਼ੁਦ ਦੌਰਾ ਕਰਕੇ ਤਾਜਾ ਸਥਿਤੀ ਦਾ ਜਾਇਜ਼ਾ ਲੈਣਗੇ ਤਾਂ ਕਿ ਭਵਿੱਖ ਵਿੱਚ ਹੋਰ ਵੀ ਮਜ਼ਬੂਤ ਪ੍ਰਬੰਧ ਕਰਨੇ ਯਕੀਨੀ ਬਣਾਏ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਜਲ ਨਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਲੋਕ ਨਿਰਮਾਣ ਵਿਭਾਗਾਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪ੍ਰਭਾਵਤ ਪਿੰਡਾਂ ਤੇ ਇਲਾਕਿਆਂ ਮੁਤਾਬਕ ਪ੍ਰਤੀ ਪਿੰਡ 1000 ਬੈਗ ਸੀਮਿੰਟ ਦੇ ਖਾਲੀ ਥੈਲੇ ਮਿੱਟੀ ਨਾਲ ਭਰਕੇ ਅਗੇਤੇ ਹੀ ਰੱਖਣ ਲੈਣ। ਇਸ ਤੋਂ ਬਿਨ੍ਹਾਂ ਵੱਡੇ ਪਾੜ ਪੈਣ ਦੀ ਸੂਰਤ ਵਿੱਚ ਇਨ੍ਹਾਂ ਨੂੰ ਬੰਨ੍ਹਣ ਲਈ ਲੋਹੇ ਦੇ ਜਾਲ ਵੀ ਬੁਣਵਾ ਲਏ ਜਾਣ ਤਾਂ ਕਿ ਹੰਗਾਮੀ ਸਥਿਤੀ ਮੌਕੇ ਪਾੜ ਤੁਰੰਤ ਪੂਰੇ ਜਾ ਸਕਣ ਦੀ ਕਾਰਵਾਈ ਕੀਤੀ ਜਾ ਸਕੇ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ, ਟਾਂਗਰੀ, ਝੰਬੋ ਵਾਲੀ ਚੋਅ, ਸਰਹਿੰਦ ਚੋਅ, ਵੱਡੀ ਨਦੀ ਤੇ ਛੋਟੀ ਨਦੀ ਸਮੇਤ ਹੋਰ ਨਦੀਆਂ ਤੇ ਨਾਲਿਆਂ ਦੀ ਸਫਾਈ ਤੇ ਬੰਨ੍ਹ ਮਜ਼ਬੂਤ ਕਰਨ ਦੀ ਕਾਰਵਾਈ ਕਰਨ ਲਈ ਅਗੇਤੇ ਯਤਨ ਅਰੰਭੇ ਜਾਣ।
ਮੀਟਿੰਗ ‘ਚ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਏ.ਡੀ.ਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਨੀਤ ਕੌਰ, ਸਮੇਤ ਮੰਡੀ ਬੋਰਡ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related Post

Leave a Reply

Your email address will not be published. Required fields are marked *