ਡਾ: ਗਾਂਧੀ ਦੇ ਹੱਕ ‘ਚ ਸਮੁੱਚੀ ਪਟਿਆਲਾ ਕਾਂਗਰਸ ਇੱਕਜੁੱਟ ਹੋਈ,ਮਿਲ ਕੇ ਕੀਤਾ ਮੁੱਖ ਚੋਣ ਦਫ਼ਤਰ ਦਾ ਉਦਘਾਟਨ

 

ਡਾ: ਗਾਂਧੀ ਦੇ ਹੱਕ ‘ਚ ਸਮੁੱਚੀ ਪਟਿਆਲਾ ਕਾਂਗਰਸ ਇੱਕਜੁੱਟ ਹੋਈ,ਮਿਲ ਕੇ ਕੀਤਾ ਮੁੱਖ ਚੋਣ ਦਫ਼ਤਰ ਦਾ ਉਦਘਾਟਨ

ਪਟਿਆਲਾ ਵਿਖੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਲੋਕ ਸਭਾ ਪਟਿਆਲਾ ਅਧੀਨ ਪੈਂਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ,ਯੂਥ ਕਾਂਗਰਸ,ਮਹਿਲਾ ਕਾਂਗਰਸ,ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਸਮੁੱਚੀਆਂ ਵਿਧਾਨ ਸਭਾ ਕਮੇਟੀਆਂ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਡਾ: ਧਰਮਵੀਰ ਗਾਂਧੀ ਦੇ ਹੱਕ ‘ਚ ਇਕਜੁੱਟਤਾ ਦਾ ਐਲਾਨ ਕਰ ਦਿੱਤਾ ਗਿਆ।

ਇਸ ਪ੍ਰੈੱਸ ਕਾਨਫ਼ਰੰਸ ਮਗਰੋਂ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਉਹਨਾਂ ਸਾਰੀਆਂ ਚਰਚਾਵਾਂ ਨੂੰ ਵਿਰਾਮ ਲੱਗ ਗਿਆ ਹੈ ਜਿਸ ਵਿੱਚ ਕਈ ਕਾਂਗਰਸ ਆਗੂਆਂ ਦੇ ਡਾਕਟਰ ਧਰਮਵੀਰ ਗਾਂਧੀ ਦੀ ਉਮੀਦਵਾਰੀ ਨਾਲ਼ ਮਤਭੇਦ ਨਜ਼ਰ ਆ ਰਹੇ ਸਨ।

ਇਸ ਐਲਾਨ ਮਗਰੋਂ ਹਲ਼ਕੇ ‘ਚ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਜਿਸਨੇ ਕਾਂਗਰਸ ਉਮੀਦਵਾਰ ਦੀ ਸਥਿਤੀ ਨੂੰ ਬਹੁਤ ਮਜ਼ਬੂਤ ਬਣਾ ਦਿੱਤਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸ: ਰਾਜਾ ਵੜਿੰਗ, ਡਾਕਟਰ ਧਰਮਵੀਰ ਗਾਂਧੀ ਸਮੇਤ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਇਹ ਲੜਾਈ ਬਹੁਤ ਵੱਡੀ ਹੈ,ਇਸ ‘ਚ ਛੋਟੇ-ਮੋਟੇ ਮਤਭੇਦ ਕੋਈ ਮਾਇਨੇ ਨਹੀਂ ਰੱਖਦੇ। ਇਸ ਲਈ ਕਾਂਗਰਸ ਪਾਰਟੀ ਮਹਿਸੂਸ ਕਰਦੀ ਹੈ ਕਿ ਡਾ: ਗਾਂਧੀ ਨੂੰ ਜਿਤਾ ਕੇ ਭਾਰਤੀ ਸੰਸਦ ‘ਚ ਭੇਜਣ ਲਈ ਹਰ ਆਗੂ ਅਤੇ ਵਰਕਰ ਨੂੰ ਦ੍ਰਿੜ੍ਹਤਾ ਨਾਲ਼ ਕੰਮ ਕਰਨਾ ਚਾਹੀਦਾ ਹੈ ਅਤੇ ਅਸੀਂ ਆਉਂਦੇ ਦਿਨਾਂ ‘ਚ ਦਿਨ-ਰਾਤ ਇੱਕ ਕਰਕੇ ਡਾ: ਗਾਂਧੀ ਨੂੰ ਨੌਂ ਦੇ ਨੌਂ ਵਿਧਾਨ ਸਭਾ ਹਲਕਿਆਂ ਤੋਂ ਲੀਡ ਦਵਾ ਕੇ ਵੱਡੇ ਫ਼ਰਕ ਨਾਲ਼ ਜਿਤਾ ਕੇ ਭੇਜਾਂਗੇ।

ਡਾਕਟਰ ਗਾਂਧੀ ਨੇ ਕਿਹਾ ਕਿ ਜਿਸਦੇ ਦਿਲ ‘ਚ ਜਮਹੂਰੀਅਤ, ਧਰਮ ਨਿਰਪੱਖਤਾ,ਨਿਆਂ, ਇਨਸਾਫ਼ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਧੜਕਦੀਆਂ ਹਨ,ਉਸ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਓਹ ਕਿਸਾਨ-ਮਜ਼ਦੂਰ,ਲੋਕ ਅਤੇ ਦੇਸ਼ ਵਿਰੋਧੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲਈ ਕੰਮ ਕਰੇ।

ਪ੍ਰੈੱਸ ਕਾਨਫ਼ਰੰਸ ‘ਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਕਾਂਗਰਸ ਉਮੀਦਵਾਰ ਡਾ: ਧਰਮਵੀਰ ਗਾਂਧੀ,ਸਾਬਕਾ ਪ੍ਰਧਾਨ ਲਾਲ ਸਿੰਘ,ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ,ਮਦਨ ਲਾਲ ਜਲਾਲਪੁਰ,ਮੋਹਿਤ ਮਹਿੰਦਰਾ,ਵਿਸ਼ਨੂੰ ਸ਼ਰਮਾ,ਸ: ਦਰਬਾਰਾ ਸਿੰਘ,ਰਜਿੰਦਰ ਸਿੰਘ, ਕਾਕਾ ਰਣਦੀਪ ਸਿੰਘ ਨਾਭਾ,ਦੀਪਇੰਦਰ ਸਿੰਘ ਢਿੱਲੋਂ,ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਸਮੇਤ ਲੋਕ ਸਭਾ ਹਲਕਾ ਪਟਿਆਲਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ।

ਇਸ ਮਗਰੋਂ ਛੋਟੀ ਬਾਰਾਂਦਰੀ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਪਰੋਕਤ ਸਭਨਾਂ ਆਗੂਆਂ ਨੂੰ ਨਾਲ਼ ਲੈਕੇ ਡਾਕਟਰ ਧਰਮਵੀਰ ਗਾਂਧੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿਸ ਮੌਕੇ ਸੈਂਕੜੇ ਕਾਂਗਰਸ ਵਰਕਰ ਮੌਜੂਦ ਰਹੇ।

 

Related Post