ਘੱਗਰ ਦਰਿਆ ਦੀ ਸਮੱਸਿਆ ਲਈ ਪ੍ਰਨੀਤ ਕੌਰ ਤੇ ਗਾਂਧੀ ਜ਼ਿੰਮੇਵਾਰ : ਐਨ.ਕੇ. ਸ਼ਰਮਾ
ਅਕਾਲੀ ਦਲ ਦੇ ਉਮੀਦਵਾਰ ਨੇ ਰਾਜਪੁਰਾ ਅਤੇ ਬਨੂੜ ਦੇ ਇੱਕ ਦਰਜਨ ਪਿੰਡਾਂ ਦਾ ਕੀਤਾ ਦੌਰਾ
ਰਾਜਪੁਰਾ। ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਹਰ ਸਾਲ ਘੱਗਰ ਦਰਿਆ ਕਰਕੇ ਆਉਣ ਵਾਲੇ ਹੜ੍ਹ ਕਾਰਨ ਹੋਣ ਵਾਲੀ ਤਬਾਹੀ ਦੇ ਮੁੱਦੇ ‘ਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਧਰਮਵੀਰ ਗਾਂਧੀ ਨੂੰ ਘੇਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਇਸ ਸਮੱਸਿਆ ਦੇ ਸਥਾਈ ਹੱਲ ਲਈ ਯਤਨ ਕੀਤਾ ਅਤੇ ਨਾ ਹੀ ਘੱਗਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਕਦੇ ਗੰਭੀਰਤਾ ਦਿਖਾਈ।
ਐਨ.ਕੇ. ਸ਼ਰਮਾ ਚੋਣ ਪ੍ਰਚਾਰ ਮੁਹਿੰਮ ਦੌਰਾਨ ਰਾਜਪੁਰਾ ਦੇ ਪਿੰਡ ਰਾਮਪੁਰ ਕਲਾਂ, ਕਨੌੜ, ਖਿਜਰਗੜ੍ਹ, ਕਰਾਲਾ, ਧਰਮਗੜ੍ਹ, ਮਠਿਆਰਾ, ਮਨੌਲੀ ਸੂਰਤ, ਸਲੇਮਪੁਰ, ਛੜਬੜ, ਬੁੱਢਣਪੁਰ, ਖਲੌਰ, ਚੰਗੇਰਾ, ਬੂਟਾ ਸਿੰਘ ਵਾਲਾ, ਜਲਾਲਪੁਰ, ਜਾਂਸਲਾ, ਬੂਨੜ ਵਿਖੇ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਵੇਲੇ ਦੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ’ਤੇ ਇੱਥੋਂ ਚਾਰ ਵਾਰ ਸੰਸਦ ਮੈਂਬਰ ਬਣ ਚੁੱਕੀ ਹਨ, ਇਸਦੇ ਬਾਵਜੂਦ ਉਨ੍ਹਾਂ ਕਦੇ ਘੱਗਰ ਦਰਿਆ ਦੀ ਸਮੱਸਿਆ ਦੇ ਸਥਾਈ ਹੱਲ ਲਈ ਯਤਨ ਨਹੀਂ ਕੀਤੇ। ਇਸ ਦੌਰਾਨ ਧਰਮਵੀਰ ਗਾਂਧੀ ਵੀ ਆਮ ਆਦਮੀ ਪਾਰਟੀ ਤੋਂ ਸਾਂਸਦ ਰਹਿ ਚੁੱਕੇ ਹਨ, ਜੋ ਕਿ ਇਸ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਨ। ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਹੈ।
ਇਹ ਇੰਨੀ ਵੱਡੀ ਸਮੱਸਿਆ ਨਹੀਂ ਹੈ ਕਿ ਇਸਦਾ ਸਥਾਈ ਹੱਲ ਨਾ ਹੋ ਸਕੇ। ਹੁਣ ਤੱਕ ਸਿਰਫ਼ ਸੰਸਦ ਮੈਂਬਰਾਂ ਦੀ ਇੱਛਾ ਸ਼ਕਤੀ ਦੀ ਘਾਟ ਰਹੀ ਹੈ। ਜਿਨ੍ਹਾਂ ਨੇ ਪੁਆਧੀ ਇਲਾਕੇ ਦੇ ਭੋਲੇ-ਭਾਲੇ ਲੋਕਾਂ ਨੂੰ ਵੋਟਾਂ ਲਈ ਵਰਤਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਭੁਲਾ ਦਿੱਤਾ। ਸ਼ਰਮਾ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਕੰਮ ਘੱਗਰ ਦਰਿਆ ਦੀ ਸਮੱਸਿਆ ਦਾ ਸਥਾਈ ਹੱਲ ਕਰਵਾਉਣਾ ਹੋਵੇਗਾ। ਇਸ ਮੌਕੇ ਹਲਕਾ ਇੰਚਾਰਜ ਚਰਨਜੀਤ ਸਿੰਘ ਬਰਾੜ, ਅਕਾਲੀ ਨੇਤਾ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਕੇਹਰ ਸਿੰਘ ਕਨੌੜ, ਹਰਬੰਸ ਲਾਲ, ਹਰਜਿੰਦਰ ਸਿੰਘ, ਬੀਬੀ ਗੁਲਸ਼ਨ ਕੌਰ ਸਮੇਤ ਕਈ ਪਤਵੰਤੇ ਹਾਜਰ ਸਨ। ਸਮੇਤ ਕਈ ਪਤਵੰਤੇ ਹਾਜ਼ਰ ਸਨ।