ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਸਬੰਧੀ ਖੇਤ ਦਿਵਸ ਮਨਾਇਆ
ਪਟਿਆਲਾ, (ਅਨੁਰਾਗ ਸ਼ਰਮਾ) 5 ਅਕਤੂਬਰ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਿੰਡ ਭੱਠਲਾਂ ਵਿਖੇ ਕਰਨਲ ਭੁਪਿੰਦਰਪਾਲ ਸਿੰਘ ਦੇ ਖੇਤਾਂ ‘ਚ ਪਰਾਲੀ ਪ੍ਰਬੰਧਨ ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤ ਦਿਵਸ ਮਨਾਇਆ ਗਿਆ।
ਮਾਨਵ ਵਿਕਾਸ ਸੰਸਥਾਨ ਦੇ ਸਹਿਯੋਗ ਨਾਲ ਮਨਾਏ ਗਏ ਇਸ ਖੇਤ ਦਿਵਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ ਵੱਲੋਂ ਝੋਨੇ ਦੇ ਸਿੱਧੀ ਬਿਜਾਈ ਅਤੇ ਪਰਾਲੀ ਪ੍ਰਬੰਧਨ ਸਬੰਧੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ, ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਦੇ ਲਾਭ ਅਤੇ ਝੋਨੇ ਦੀਆਂ ਬਿਮਾਰੀਆਂ ਅਤੇ ਇਸ ਮੌਕੇ ਤੇਲੇ ਦੇ ਹੋ ਰਹੇ ਹਮਲੇ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਅਗਾਂਹਵਧੂ ਕਿਸਾਨ ਕਰਨਲ ਭੁਪਿੰਦਰਪਾਲ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਅਤੇ ਵਾਢੀ ਉਪਰੰਤ ਪਰਾਲੀ ਨੂੰ ਖੇਤਾਂ ਵਿੱਚ ਮਲਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਥੇ ਪਰਾਲੀ ਪਾਣੀ ਦੀ ਬੱਚਤ ਕਰਨ ਵਿੱਚ ਸਹਾਈ ਹੁੰਦੀ ਹੈ ਅਤੇ ਜਦ ਅਸੀਂ ਪਰਾਲੀ ਨੂੰ ਮਲਚਿੰਗ ਰਾਹੀਂ ਖੇਤਾਂ ਵਿੱਚ ਮਿਲਾਉਂਦੇ ਹਾਂ ਤਾਂ ਜ਼ਮੀਨ ਦਾ ਜੈਵਿਕ ਮਾਦਾ ਵਧਦਾ ਹੈ ਤੇ ਖਾਦਾਂ ਦੀ ਵਰਤੋਂ ਘੱਟ ਕਰਨੀ ਪੈ ਦੀ ਹੈ।
ਉਨ੍ਹਾਂ ਦੱਸਿਆ ਕਿ ਉਹ ਸੀਮਤ ਖਾਦਾਂ ਦੀ ਅਤੇ ਸੀਮਤ ਹੀ ਪਾਣੀ ਦੀ ਵਰਤੋਂ ਕਰਦੇ ਹਨ, ਜਿਸ ਸਦਕਾ ਫ਼ਸਲ ‘ਤੇ ਕੀੜੇ ਮਕੌੜਿਆਂ ਦਾ ਹਮਲਾ ਬਹੁਤ ਘੱਟ ਹੁੰਦਾ ਹੈ ਤੇ ਦਾਣਿਆਂ ਦਾ ਭਾਰ ਤੇ ਸਾਈਜ਼ ਰਵਾਇਤੀ ਫ਼ਸਲ ਨਾਲ ਵੱਧ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਪਿੰਡ ਭੱਠਲਾਂ, ਮਿੱਠੂ ਮਾਜਰਾ, ਚਮਾਰਹੇੜੀ ਤੇ ਰਾਏਪੁਰ ਮੰਡਲਾ ਦੇ ਕਿਸਾਨ ਵੀ ਮੌਜੂਦ ਸਨ।