ਕਿਹਾ ਕਿ ਇਕ ਥਾਂ ‘ਤੇ ਸਹਿਯੋਗੀ ਅਤੇ ਦੂਜੇ ‘ਤੇ ਵਿਰੋਧੀ ਬਣ ਕੇ ਦੋਹਰਾ ਚਿਹਰਾ ਨਹੀਂ ਛੁਪਾਇਆ ਜਾ ਸਕਦਾ

ਪਟਿਆਲਾ ‘ਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਜਿੱਤ ‘ਚ ਉਤਰਾਖੰਡ ਦੇ ਲੋਕ ਨਿਭਾਉਣਗੇ ਵੱਡੀ ਭੂਮਿਕਾ: ਧਾਮੀ
-ਪੰਜਾਬ ਵਿੱਚ ਕਾਂਗਰਸ ਅਤੇ ‘ਆਪ’ ਮਿਲ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਵਿੱਚ

-ਕਿਹਾ ਕਿ ਇਕ ਥਾਂ ‘ਤੇ ਸਹਿਯੋਗੀ ਅਤੇ ਦੂਜੇ ‘ਤੇ ਵਿਰੋਧੀ ਬਣ ਕੇ ਦੋਹਰਾ ਚਿਹਰਾ ਨਹੀਂ ਛੁਪਾਇਆ ਜਾ ਸਕਦਾ


ਪਟਿਆਲਾ 26 ਮਈ
ਪਟਿਆਲਾ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਡੇਰਾਬੱਸੀ ਅਤੇ ਪਟਿਯਾਲਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਜਿੱਤ ਵਿੱਚ ਉੱਤਰਾਖੰਡ ਦੇ ਲੋਕ ਵੱਡੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਤਰਾਖੰਡ ਨਾਲ ਸੰਬੰਧਤ ਹਰ ਵਿਅਕਤੀ ਪ੍ਰਨੀਤ ਕੌਰ ਨੂੰ ਵੋਟ ਪਾਵੇਗਾ। ਇਸ ਦੇ ਨਾਲ ਹੀ ਸੀਐਮ ਧਾਮੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਵਿਰੋਧੀ ਵਜੋਂ ਚੋਣ ਲੜਨ ਦਾ ਢੌਂਗ ਕਰ ਰਹੀਆਂ ਹਨ, ਜਦੋਂ ਕਿ ਦਿੱਲੀ ਵਿੱਚ ਇਹ ਦੋਵੇਂ ਪਾਰਟੀਆਂ ਇੱਕ ਦੂਜੇ ਦੀਆਂ ਸਹਿਯੋਗੀ ਬਣ ਕੇ ਕੰਮ ਕਰ ਰਹੀਆਂ ਹਨ। ਪੰਜਾਬ ਦੇ ਲੋਕ ਦੋਵਾਂ ਪਾਰਟੀਆਂ ਦੇ ਆਗੂਆਂ ਦੇ ਦੋਗਲੇ ਚਿਹਰੇ ਨੂੰ ਪਛਾਣਨ ਵਿੱਚ ਕੋਈ ਗਲਤੀ ਨਹੀਂ ਕਰਨਗੇ।
ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕਾ ਇੰਚਾਰਜ ਅਤੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ਸਥਾਪਨਾ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋੜਾਂ ਲੋਕਾਂ ਦੀ ਆਸਥਾ ਨੂੰ ਮਜ਼ਬੂਤ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਅੱਜ ਦੇਸ਼ ਭਰ ਵਿੱਚ ਇੱਕ ਹੀ ਨਾਅਰਾ ਹੈ ਕਿ ਜੋ ਰਾਮ ਨੂੰ ਲਿਆਏ ਨੇ ਅਸੀਂ ਉਹਨਾਂ ਨੂੰ ਲਿਆਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਰੱਦ ਕਰਨ ਦੀ ਹਿੰਮਤ ਨਹੀਂ ਦਿਖਾਈ, ਪਰ ਇਹ ਹਿੰਮਤ ਸਿਰਫ਼ ਨਰਿੰਦਰ ਮੋਦੀ ਹੀ ਦਿਖਾ ਸਕੇ ਅਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ ਕਿ ਜੰਮੂ-ਕਸ਼ਮੀਰ ਵਿੱਚ ਮੁੰਬਈ ਨਾਲੋਂ ਜਿਆਦਾ ਵੋਟਿੰਗ ਹੋਈ। ਸੀਐਮ ਧਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਅਤੇ ਇਸੇ ਲਈ ਉਨ੍ਹਾਂ ਨੇ ਸਿੱਖਾਂ ਦੀ ਆਸਥਾ ਦਾ ਸਤਿਕਾਰ ਕਰਦੇ ਹੋਏ ਕਰਤਾਰਪੁਰ ਲਾਂਘਾ ਬਣਾਇਆ। ਉਨ੍ਹਾਂ ਕਿਹਾ ਕਿ ਉਹ ਆਪ ਵੀ ਨਾਨਕ ਮੱਤਾ ਮੱਥਾ ਟੇਕਣ ਲਈ ਜਾਂਦੇ ਹਨ। ਸਿੱਖ ਗੁਰੂਆਂ ਦਾ ਉਤਰਾਖੰਡ ਨਾਲ ਕਿੰਨਾ ਕੁ ਸਬੰਧ ਸੀ, ਇਹ ਹੇਮਕੁੰਟ ਸਾਹਿਬ ਤੋਂ ਪਤਾ ਲੱਗ ਸਕਦਾ ਹੈ।
ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਕਿ ਦੇਸ਼ ਵਿੱਚ ਚਾਰ ਨਵੇਂ ਹਵਾਈ ਅੱਡੇ, 12 ਨਵੇਂ ਹਵਾਈ ਮਾਰਗ ਅਤੇ 22 ਸੌ ਕਿਲੋਮੀਟਰ ਤੋਂ ਵੱਧ ਰਾਸ਼ਟਰੀ ਅਤੇ ਰਾਜ ਮਾਰਗ ਬਨਾਉਣ ਵਾਲੀ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮੈਟਰੋ ਟਰੇਨਾਂ, ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ, 42 ਹਜ਼ਾਰ 750 ਕਰੋੜ ਰੁਪਏ ਦੀ ਲਾਗਤ ਵਾਲਾ ਸਿਹਤ ਸੰਭਾਲ ਬੁਨਿਆਦੀ ਢਾਂਚਾ ਅਤੇ ਦੋ ਬਾਂਦੇ ਭਾਰਤ ਰੇਲ ਗੱਡੀਆਂ ਦੇ ਸਕਿਆ ਹੈ। ਉਹਨਾਂ ਕਿਹਾ ਕਿ ਆਯੂਸ਼ਮਾਨ ਭਾਰਤ ਦੇ ਜ਼ਰੀਏ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਅਤੇ ਗੁਣਵੱਤਾ ਵਾਲੀਆਂ ਦਵਾਈਆਂ ਪ੍ਰਦਾਨ ਕਰਨ ਲਈ 327 ਜਨ ਔਸ਼ਧੀ ਕੇਂਦਰਾਂ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਰਥਿਕ ਤੌਰ ‘ਤੇ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਤਾਕਤ ਬਣਾਉਣ ਵਾਲੇ ਪ੍ਰਧਾਨ ਮੰਤਰੀ ਤੀਜੀ ਵਾਰ ਦੇਸ਼ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਸਾਡੀ ਇਸ ਤਿਆਰੀ ਨੂੰ 1 ਜੂਨ ਨੂੰ ਭਾਜਪਾ ਨੂੰ ਵੋਟ ਦੇ ਕੇ ਪੂਰਾ ਕਰਨਾ ਚਾਹੀਦਾ ਹੈ।
ਇਸ ਮੌਕੇ ਜਿਲਾ ਭਾਜਪਾ ਸ਼ਹਿਰੀ ਪ੍ਰਧਾਨ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਪਟਿਆਲਾ ਵਿੱਚ ਹੋਏ ਵਿਕਾਸ ਵਾਰੇ ਵਿਸਤਾਰ ਨਾਲ ਦੱਸਿਆ। ਇਸ ਮੌਕੇ ਸੰਜੀਵ ਖੰਨਾ, ਐਮਐਮਐਸ ਸੰਧੂ, ਗੰਗਾਨਗਰ ਦੇ ਵਿਧਾਇਕ ਗੁਰਬੀਰ ਸਿੰਘ, ਉਤਰਾਖੰਡ ਦੇ ਮੰਤਰੀ ਵਿਨੈ ਰੋਹਿਲਾ, ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

Related Post